ਜਲੰਧਰ: (ਵਿਕਾਸ ਕੁਮਾਰ) ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਹੁਲ ਗਾਂਧੀ ਵੱਲੋਂ ‘ਗਦਾਰ’ ਕਹਿਣ ’ਤੇ ਭਾਜਪਾ ਵਰਕਰਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ। ਇਸ ਮਾਮਲੇ ਨੂੰ ਲੈ ਕੇ ਜਲੰਧਰ ਵਿੱਚ ਭਾਜਪਾ ਵਰਕਰਾਂ ਵੱਲੋਂ ਤਿੱਖਾ ਪ੍ਰਦਰਸ਼ਨ ਕਰਦੇ ਹੋਏ ਰਾਹੁਲ ਗਾਂਧੀ ਦਾ ਪੁਤਲਾ ਬਾਬੂ ਜਗਜੀਵਨ ਰਾਮ ਚੌਕ ਵਿਚ ਫੂੰਕਿਆ ਗਿਆ।
ਵਾਰਡ ਨੰਬਰ 50 ਤੋਂ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਦੌਰਾਨ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਰਾਹੁਲ ਗਾਂਧੀ ਦੇ ਬਿਆਨਾਂ ਦੀ ਕੜੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਨਿੰਦਣਯੋਗ ਹਨ ਅਤੇ ਦੇਸ਼ ਦੇ ਆਗੂਆਂ ਦੀ ਛਵੀ ਨੂੰ ਧੁੰਦਲਾ ਕਰਨ ਦੀ ਜਾਣਬੂਝ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਸ. ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਭਾਜਪਾ ਵਰਕਰ ਅਜਿਹੇ ਬੇਤੁਕੇ ਅਤੇ ਗੈਰ-ਜ਼ਿੰਮੇਵਾਰ ਬਿਆਨਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਦੇਸ਼ ਦੀ ਜਨਤਾ ਅੱਗੇ ਸੱਚ ਲਿਆਂਦਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਅਸਲ ਵਿੱਚ ਦੇਸ਼ ਦੀ ਗਦਾਰ ਪਾਰਟੀ ਹੈ, ਜਿਸ ਨੇ ਦਰਬਾਰ ਸਾਹਿਬ ’ਤੇ ਗੋਲੀਆਂ ਚਲਵਾਉਣ ਵਰਗਾ ਘਿਨੌਣਾ ਹਮਲਾ ਕਰਵਾਇਆ ਸੀ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਵੀ ਸਿੱਧੀ ਤੌਰ ’ਤੇ ਜ਼ਿੰਮੇਵਾਰ ਹੈ। ਟੀਟੂ ਨੇ ਕਿਹਾ ਕਿ ਦੇਸ਼ ਦੀ ਜਨਤਾ ਕਾਂਗਰਸ ਦੇ ਇਨ੍ਹਾਂ ਕਾਲੇ ਕਾਰਨਾਮਿਆਂ ਨੂੰ ਕਦੇ ਵੀ ਭੁੱਲ ਨਹੀਂ ਸਕਦੀ।
ਇਸ ਮੌਕੇ ਸਾਬਕਾ ਐਮਐਲਏ ਸ਼ੀਤਲ ਅੰਗੂਰਾਲ ਨੇ ਵੀ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਇੱਕ ਸਿੱਖ ਵਿਰੋਧੀ ਪਾਰਟੀ ਰਹੀ ਹੈ, ਜਿਸ ਨੇ ਹਮੇਸ਼ਾ ਹੀ ਸਿੱਖ ਭਾਈਚਾਰੇ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਾਂਗਰਸ ਦੀਆਂ ਨੀਤੀਆਂ ਸਿੱਖਾਂ ਦੇ ਖ਼ਿਲਾਫ ਰਹੀਆਂ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਕੌਂਸਲਰ ਅਜੇ ਬੱਬਲ ਦਰਸ਼ਨ ਲਾਲ ਭਗਤ ,ਇੰਦਰਜੀਤ ਸਿੰਘ ਬੱਬਰ ਤਰਲੋਚਨ ਸਿੰਘ ਛਾਬੜਾ, ਤਰਸੇਮ ਥਾਪਾ,ਰਣਜੀਤ ਸਿੰਘ ਸੰਤ, ਗੁਰਸ਼ਰਨ ਸਿੰਘ, ਸ਼ਨੂ, ਸੰਜੂ ਅਬਰੋਲ ਪੰਕਜ ਸੋਨੂ ਬਾਬਾ, ਮਨਵਿੰਦਰ ਸਿੰਘ ਨਿਹੰਗ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਰਹੇ।

