Type Here to Get Search Results !

ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਦਮਪੁਰ ’ਚ ਕਰਵਾਇਆ ਮਹਾਨ ਕੀਰਤਨ ਦਰਬਾਰ |


 






ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਦਮਪੁਰ ’ਚ ਕਰਵਾਇਆ ਮਹਾਨ ਕੀਰਤਨ ਦਰਬਾਰ 
ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਮਾਨਤਾ, ਸਮਾਜਿਕ ਬਰਾਬਰੀ ਅਤੇ ਵਿਸ਼ਵਵਿਆਪੀ ਭਾਈਚਾਰਕ ਸਾਂਝ ਦੇ ਸੰਦੇਸ਼ ਦਾ ਪ੍ਰਚਾਰ ਕਰਨ ਲਈ ਵਚਨਬੱਧ- ਹਰਪਾਲ ਸਿੰਘ ਚੀਮਾ
ਸੰਤ ਨਿਰੰਜਣ ਦਾਸ ਜੀ ਨੇ ਕੀਰਤਨ ਦਰਬਾਰ ’ਚ ਸ਼ਿਰਕਤ ਕਰਕੇ ਸੰਗਤਾਂ ਨੂੰ ਦਿੱਤਾ ਅਸ਼ੀਰਵਾਦ  
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਪਹਿਲੀ ਵਾਰ ਵੱਡੇ ਪੱਧਰ ’ਤੇ ਮਨਾਇਆ ਜਾ ਰਿਹੈ-ਪਵਨ ਕੁਮਾਰ ਟੀਨੂੰ
ਪ੍ਰਸਿੱਧ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਅਤੇ ਕਲਾਕਾਰਾਂ ਦੀਆਂ ਅਧਿਆਤਮਿਕ ਪੇਸ਼ਕਾਰੀਆਂ ਨੇ ਸੰਗਤਾਂ ਨੂੰ ਰੂਹਾਨੀ ਰੰਗ ’ਚ ਰੰਗਿਆ 
ਆਦਮਪੁਰ/ਜਲੰਧਰ, 6 ਦਸੰਬਰ 
ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਦਾਣਾ ਮੰਡੀ,ਆਦਮਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਗੁਰਬਾਣੀ ਕੀਰਤਨ ਤੇ ਧਾਰਮਿਕ ਭਜਨਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਿਲ ਸੰਗਤਾਂ ਨੂੰ ਰੂਹਾਨੀ ਤੇ ਅਧਿਆਤਮਿਕਤਾ ਦੇ ਰੰਗ ਵਿੱਚ ਰੰਗਿਆ। ਮਹਾਨ ਕੀਰਤਨ ਸਮਾਗਮ ਦੌਰਾਨ ਸੰਗਤਾਂ ਵਲੋਂ ਨਤਮਸਤਕ ਹੋਕੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ।  
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਅਯੋਕੇ ਸਮੇਂ ਵਿੱਚ ਵੀ ਸਮਾਜ ਲਈ ਬਹੁਤ ਸਾਰਥਕ ਹਨ,ਕਿਉਂਕਿ ਇਹ ਲੋਕਾਂ ਨੂੰ ਜਾਤ-ਪਾਤ ,ਸਮਾਜਿਕ ਵੰਡ ਤੋਂ ਉਪਰ ਉੱਠ ਕੇ ਸਮਾਨਤਾ, ਸਮਾਜਿਕ ਨਿਆਂ, ਸਦਭਾਵਨਾ ਅਤੇ ਵਿਸ਼ਵਵਿਆਪੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਮਿੱਲ ਕੇ ਕੰਮ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ,ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਭਰ ਵਿੱਚ ਅਜਿਹੇ ਸਮਾਗਮ ਵੱਡੇ ਪੱਧਰ ’ਤੇ ਕਰਵਾਏ ਜਾ ਰਹੇ ਹਨ।
ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੇ ਨਾਲ ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਫਲਸਫ਼ੇ ਅਤੇ ਸਿੱਖਿਆਵਾਂ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਲਈ ਅਨੇਆਂ ਅਜਿਹੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਸਮਾਗਮਾਂ ਦੀ ਲੜੀ ਵਜੋਂ ਸੂਬੇ ਭਰ ਵਿੱਚ ਵੱਖ-ਵੱਖ ਥਾਵਾਂ ਉਤੇ ਮਹਾਨ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ ਜਦਕਿ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀਆਂ ਗਈਆਂ ਪ੍ਰਚਾਰ ਵੈਨਾਂ ਨੂੰ ਮੁੱਖ ਮੰਤਰੀ ਪੰਜਾਬ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ, ਜਿੰਨ੍ਹਾਂ ਵਲੋਂ ਸੂਬੇ ਭਰ ਦੇ 12000 ਪਿੰਡਾਂ ਵਿੱਚ ਜਾ ਕੇ ਵਿਸ਼ੇਸ਼ ਡਾਕੂਮੈਂਟਰੀ ਫਿਲਮਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।    
ਵਿੱਤ ਮੰਤਰੀ ਨੇ ਕਿਹਾ ਕਿ ਇਕ ਹੋਰ ਮਹੱਤਵਪੂਰਨ ਪਹਿਲਕਦਮੀ ਰਾਹੀਂ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ 6.50 ਲੱਖ ਪੌਦੇ ਸੂਬੇ ਭਰ ਵਿੱਚ ਲਗਾਏ ਜਾ ਰਹੇ ਹਨ ਤੇ ਇਸ ਤੋਂ ਇਲਾਵਾ ਸੂਬੇ ਦੇ ਸਕੂਲਾਂ ਵਿੱਚ ਸਕੂਲ ਪੱਧਰੀ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਵਲੋਂ ਡੇਰਾ ਸੱਚਖੰਡ ਬੱਲਾਂ ਨੇੜੇ 11 ਏਕੜ ਰਕਬੇ ਵਿੱਚ ਉਸਾਰੇ ਜਾ ਰਹੇ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ ਗਿਆ, ਜਿਸ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਖੋਜ ਅਤੇ ਅਧਿਐਨ ਨੂੰ ਉਤਸ਼ਾਹਿਤ ਕਰਕੇ ਵੱਡੇ ਪੱਧਰ ’ਤੇ ਪ੍ਰਚਾਰ ਕਰਨਾ ਹੈ।  
  ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਗੁਰੂ ਸਾਹਿਬ ਜੀ ਦੇ ਸਮਾਨਤਾ ਅਤੇ ਸਮਾਜਿਕ ਨਿਆਂ ਦੇ ਸੰਦੇਸ਼ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਲਈ ਵਚਨਬੱਧ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਂਦਿਆਂ ਇਹਨਾਂ ਨੂੰ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਅਪਣਾਉਣ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਲੋਂ ਨਿਮਰਤਾ,ਦਇਆ, ਸੱਚ, ਨਿਰਸਵਾਰਥ ਸੇਵਾ ਅਤੇ ਵਿਸ਼ਵਵਿਆਪੀ ਭਾਈਚਾਰਕ ਸਾਂਝ ਦਾ ਦਿਖਾਇਆ ਮਾਰਗ ਸ਼ਾਂਤੀ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਵਿੱਚ ਮਦਦਗਾਰ ਸਿੱਧ ਹੋ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਨੂੰ ਡਰੋਨ ਸ਼ੋਅ ਵੀ ਗੁਰੂ ਜੀ ਦੇ ਸੰਦੇਸ਼ ਦਾ ਸੁਚੱਜੇ ਢੰਗ ਨਾਲ ਪ੍ਰਚਾਰ ਕਰਨ ਲਈ ਸਮਾਗਮਾਂ ਨੂੰ ਯਾਦਗਾਰ ਬਣਾ ਰਹੇ ਹਨ। 
ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਕੀਰਤਨ ਦਰਬਾਰ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਧਿਆਤਮਿਕ ਅਤੇ ਸਮਾਜਿਕ ਸੰਦੇਸ਼ ਨੂੰ ਅੱਗੇ ਵਧਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਹਨਾਂ ਦੀ ਮੌਜੂਦਗੀ ਨੇ ਮਾਹੌਲ ਨੂੰ ਅਧਿਆਤਮਿਕ ਰੰਗ ਵਿੱਚ ਰੰਗ ਦਿੱਤਾ ਅਤੇ ਪ੍ਰਬੰਧਕਾਂ ਤੇ ਸੇਵਾਦਾਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਧਾਰਮਿਕ ਸੰਸਥਾਵਾਂ ਸੰਤ ਅਤੇ ਹੋਰ ਉੱਘੀਆਂ ਸਖਸ਼ੀਅਤਾਂ ਵੀ ਮੌਜੂਦ ਸਨ। 
  ਚੇਅਰਮੈਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਅਤੇ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂੰ ਜਿਨ੍ਹਾਂ ਸਮਾਗਮ ਦੀ ਮੇਜ਼ਬਾਨੀ ਕੀਤੀ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸੰਤ ਨਿਰੰਜਣ ਦਾਸ ਜੀ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਉੱਘੀਆਂ ਸਖਸ਼ੀਅਤਾਂ, ਸੰਤਾਂ ਅਤੇ ਸੰਗਤਾਂ ਦਾ ਕੀਰਤਨ ਦਰਬਾਰ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਇਕੱਠੇ ਲੋਕਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਮਹਾਨ ਕੀਰਤਨ ਦਰਬਾਰ ਆਦਮਪੁਰ ਹਲਕੇ ਵਿੱਚ ਕਰਵਾਉਣ ’ਤੇ ਉਹ ਆਪਣੇ ਆਪ ਨੂੰ ਵੱਡਭਾਗੀ  ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਾਲ ਹਲਕੇ ਦੇ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਵਲੋਂ ਪ੍ਰਕਾਸ਼ ਪੁਰਬ ਨੂੰ ਏਡੇ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੋਕ ਹਮੇਸ਼ਾਂ ਯਾਦ ਰੱਖਣਗੇ। 
  ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਵੀ ਇਸ ਮੌਕੇ ਮੌਜੂਦ ਸਨ। 
  ਇਸ ਮੌਕੇ ਪ੍ਰਸਿੱਧ ਰਾਗੀ ਜੱਥਿਆਂ ਵਲੋਂ ਪੇਸ਼ ਕੀਤੇ ਗਏ ਗੁਰਬਾਣੀ ਕੀਰਤਨ ਨੇ ਸੰਗਤਾਂ ਨੂੰ ਰੂਹਾਨੀ ਰੰਗ ਵਿੱਚ ਰੰਗਿਆ, ਜਿਨ੍ਹਾਂ ਦੀਆਂ ਰੂਹਾਨੀ ਪੇਸ਼ਕਾਰੀਆਂ ਨੇ ਅਧਿਆਤਮਿਕ ਮਾਹੌਲ ਪੈਦਾ ਕੀਤਾ। ਇਸ ਮੌਕੇ ਗੁਰਬਾਣੀ ਕੱਥਾ ਨੇ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਸਿੱਖਿਆਵਾਂ ਅਤੇ ਫਲਸਫ਼ੇ ’ਤੇ ਭਰਪੂਰ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਸਮਾਨਤਾ, ਨਿਮਰਤਾ, ਨਿਰਸਵਾਰਥ ਸੇਵਾ ਦੇ ਸੰਦੇਸ਼ ਨਾਲ ਜੁੜਨ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ਪ੍ਰਸਿੱਧ ਕਲਾਕਾਰ ਦਲਵਿੰਦਰ ਦਿਆਲਪੁਰੀ, ਕੰਠ ਕਲੇਰ, ਸੂਫ਼ੀ ਕਲਾਕਾਰ ਕੁਲਵਿੰਦਰ ਕਿੰਦਾ, ਪਰਵੇਜ਼ ਆਲਮ ਵਲੋਂ ਵੀ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਜੀਵਨ ਫਲਸਫ਼ੇ ਨਾਲ ਜੋੜਨ ਲਈ ਸ਼ਾਨਦਾਰ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। 

Post a Comment

0 Comments
* Please Don't Spam Here. All the Comments are Reviewed by Admin.

#codes