ਜਲੰਧਰ : ਰਾਮਾ ਮੰਡੀ ਥਾਣੇ ਵਿੱਚ ਦਰਜ ਕਥਿਤ “ਹਨੀ ਟ੍ਰੈਪ” ਮਾਮਲੇ ਵਿੱਚ ਜੁਡੀਸ਼ਲ ਮੈਜਿਸਟਰੇਟ ਪਹਿਲੀ ਕਲਾਸ, ਜਲੰਧਰ ਦੀ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਸਾਰੇ ਸੱਤ ਦੋਸ਼ੀਆਂ ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕਰ ਦਿੱਤਾ। ਮਾਮਲੇ ਵਿੱਚ ਤਿੰਨ ਦੋਸ਼ੀਆਂ ਦੀ ਪੇਸ਼ੀ ਐਡਵੋਕੇਟ ਰਿਸ਼ਭ ਭਾਟੀਆ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੂੰ ਵੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਰਾਹਤ ਦਿੰਦਿਆਂ ਬਰੀ ਕਰ ਦਿੱਤਾ।
ADV RISHABH BHATIA +91 97803 30470
ਪੁਲਿਸ ਦੇ ਮੁਤਾਬਕ ਦੋਸ਼ ਸੀ ਕਿ ਕੁਝ ਔਰਤਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਸੀ ਜੋ ਇੱਜ਼ਤਦਾਰ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਸਨ। ਦੱਸਿਆ ਗਿਆ ਕਿ ਪੀੜਤਾਂ ਨੂੰ ਹੋਟਲ ਜਾਂ ਕਮਰੇ ਵਿੱਚ ਬੁਲਾਕੇ ਮੋਬਾਈਲ ਫੋਨ ਨਾਲ ਵੀਡੀਓ ਬਣਾਈ ਜਾਂਦੀ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰਕੇ ਵੱਡੀ ਰਕਮ ਦੀ ਮੰਗ ਕੀਤੀ ਜਾਂਦੀ ਸੀ। 9 ਫਰਵਰੀ 2024 ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਨੰਗਲ ਸ਼ਾਮਾ ਚੌਂਕ ਨੇੜੇ ਛਾਪਾ ਮਾਰਿਆ ਅਤੇ ਕੁਝ ਲੋਕਾਂ ਨੂੰ ਕਾਬੂ ਕਰਕੇ ਧਾਰਾ 384, 420, 506 ਅਤੇ 120-ਬੀ ਆਈਪੀਸੀ ਅਧੀਨ ਕੇਸ ਦਰਜ ਕੀਤਾ ਗਿਆ ਸੀ।
ਜਾਂਚ ਦੌਰਾਨ ਇੱਕ ਡਾਕਟਰ ਨੇ ਵੀ ਦੱਸਿਆ ਸੀ ਕਿ ਉਸਦੇ ਕਲੀਨਿਕ ਵਿੱਚ ਨੌਕਰੀ ਦੇ ਬਹਾਨੇ ਆਈ ਇੱਕ ਲੜਕੀ ਨੇ ਝੂਠੇ ਦੋਸ਼ ਲਗਾ ਕੇ ਆਪਣੇ ਸਾਥੀਆਂ ਨੂੰ ਬੁਲਾਇਆ ਅਤੇ ਕਰੀਬ 10 ਲੱਖ ਰੁਪਏ ਦੀ ਮੰਗ ਕੀਤੀ। ਪਰ ਅਦਾਲਤ ਵਿੱਚ ਕਾਰਵਾਈ ਦੌਰਾਨ ਕੇਸ ਦਾ ਰੁਖ ਬਦਲ ਗਿਆ ਜਦੋਂ ਮੁੱਖ ਗਵਾਹ ਆਪਣੇ ਪਹਿਲਾਂ ਦਿੱਤੇ ਬਿਆਨਾਂ ਤੋਂ ਮੁਕਰ ਗਏ ਅਤੇ ਉਨ੍ਹਾਂ ਨੇ ਦੋਸ਼ੀਆਂ ਦੀ ਪਛਾਣ ਕਰਨ ਤੋਂ ਵੀ ਇਨਕਾਰ ਕਰ ਦਿੱਤਾ।
ਅਦਾਲਤ ਨੇ ਨੋਟ ਕੀਤਾ ਕਿ ਨਾ ਤਾਂ ਕੋਈ ਪੀੜਤ ਵਿਅਕਤੀ ਅਦਾਲਤ ਵਿੱਚ ਪੇਸ਼ ਹੋਇਆ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਵਸੂਲੀ ਦੀ ਰਕਮ ਜਾਂ ਕੋਈ ਵੀਡੀਓ ਸਬੂਤ ਬਰਾਮਦ ਹੋਇਆ। ਜਾਂਚ ਅਧਿਕਾਰੀ ਨੇ ਵੀ ਜਿਰਹ ਦੌਰਾਨ ਮੰਨਿਆ ਕਿ ਕੇਸ ਕਿਸੇ ਲਿਖਤੀ ਸ਼ਿਕਾਇਤ ਦੀ ਬਜਾਏ ਸਿਰਫ ਗੁਪਤ ਸੂਚਨਾ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ।
ਫੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਸਾਜ਼ਿਸ਼, ਧੋਖਾਧੜੀ, ਜ਼ਬਰਦਸਤੀ ਵਸੂਲੀ ਅਤੇ ਧਮਕੀ ਵਰਗੇ ਗੰਭੀਰ ਦੋਸ਼ ਸਾਬਤ ਕਰਨ ਲਈ ਪੱਕੇ ਅਤੇ ਭਰੋਸੇਯੋਗ ਸਬੂਤ ਲਾਜ਼ਮੀ ਹੁੰਦੇ ਹਨ, ਪਰ ਪ੍ਰੋਸਿਕਿਊਸ਼ਨ ਦੋਸ਼ਾਂ ਨੂੰ ਸੰਦੇਹ ਤੋਂ ਪਰੇ ਸਾਬਤ ਕਰਨ ਵਿੱਚ ਅਸਫਲ ਰਹੀ। ਇਸ ਲਈ ਸਾਰੇ ਦੋਸ਼ੀਆਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕੀਤਾ ਗਿਆ ਅਤੇ ਉਨ੍ਹਾਂ ਦੇ ਜ਼ਮਾਨਤੀ ਬਾਂਡ ਵੀ ਰੱਦ ਕਰ ਦਿੱਤੇ ਗਏ। ਲਗਭਗ ਦੋ ਸਾਲ ਪੁਰਾਣੇ ਇਸ ਮਾਮਲੇ ਦੇ ਨਿਪਟਾਰੇ ਨਾਲ ਅਦਾਲਤ ਨੇ ਫਾਈਲ ਰਿਕਾਰਡ ਰੂਮ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ।


