ਜਲੰਧਰ, 3 ਮਾਰਚ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸਥਾਨਕ ਰੈੱਡ ਕਰਾਸ ਦਿਵਿਆਂਗ ਸਕੂਲ ਅਤੇ ਪ੍ਰਯਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਹੋਲੀ ਦਾ ਤਿਉਹਾਰ ਮਨਾਇਆ। ਉਨ੍ਹਾਂ ਬੱਚਿਆਂ ਨੂੰ ਫਲ ਅਤੇ ਪਿਚਕਾਰੀਆਂ ਵੰਡ ਕੇ ਉਨ੍ਹਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਨਹੀਂ, ਸਗੋਂ ਆਪਸੀ ਪ੍ਰੇਮ, ਏਕਤਾ ਅਤੇ ਸਦਭਾਵਨਾ ਦਾ ਤਿਉਹਾਰ ਹੈ। ਇਹ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਵੱਖ-ਵੱਖ ਰੰਗ ਵਿੰਭਿਨਤਾ ਵਿੱਚ ਏਕਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਸਭ ਨੂੰ ਮਿਲਜੁਲ ਕੇ ਤਿਉਹਾਰ ਮਨਾਉਣ ਅਤੇ ਭਾਈਚਾਰੇ ਦੀਆਂ ਤੰਦਾਂ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਮਾਜ ਦਾ ਅਨਿੱਖੜਵਾਂ ਅੰਗ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬੱਚੇ ਵਿਲੱਖਣ ਪ੍ਰਤਿਭਾ ਅਤੇ ਹੌਸਲੇ ਦੇ ਮਾਲਕ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਸਮਾਂ ਬਿਤਾ ਕੇ ਉਨ੍ਹਾਂ ਨੂੰ ਅੰਦਰੂਨੀ ਸਕੂਨ ਮਿਲਿਆ।
ਇਸ ਮੌਕੇ ਡਾ. ਅਗਰਵਾਲ ਨੇ ਰੈੱਡ ਕਰਾਸ ਓਲਡ ਏਜ ਹੋਮ ਦੇ ਬਜ਼ੁਰਗਾਂ ਨਾਲ ਵੀ ਮੁਲਾਕਾਤ ਕਰਕੇ ਫਲ ਵੰਡੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਕਾਮਨਾ ਕੀਤੀ।
ਦੌਰਾਨ ਰੈੱਡ ਕਰਾਸ ਦਿਵਿਆਂਗ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰਸਤੁਤੀ ਵੀ ਪੇਸ਼ ਕੀਤੀ ਗਈ। ਇਸ ਸਮੇਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ ਵੀ ਮੌਜੂਦ ਸਨ।

