ਜਲੰਧਰ, 5 ਨਵੰਬਰ ( ) — ਨੈਸ਼ਨਲ ਸਾਇੰਸ ਸੈਂਟਰ, ਨਵੀਂ ਦਿੱਲੀ ਅਤੇ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਨੈਸ਼ਨਲ ਅਵਾਰਡੀ ਡਾ. ਗੁਰਿੰਦਰਜੀਤ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸਟੇਟ ਅਵਾਰਡੀ ਰਾਜੀਵ ਜੋਸ਼ੀ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਜੰਡਿਆਲਾ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਬਲਾਕ ਪੱਧਰ ’ਤੇ ਜੇਤੂ ਰਹੇ 17 ਸਕੂਲਾਂ ਦੀਆਂ ਟੀਮਾਂ ਦੇ 140 ਵਿੱਦਿਆਰਥੀਆਂ ਨੇ ਭਾਗ ਲਿਆ ਅਤੇ ਵਿਗਿਆਨਕ ਵਿਸ਼ਿਆਂ ਨੂੰ ਨਾਟਕਾਂ ਰਾਹੀਂ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਰਚਨਾਤਮਕ ਢੰਗ ਨਾਲ ਪੇਸ਼ ਕੀਤਾ।
ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਦੇ ਇੰਚਾਰਜ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਤਰਕਸ਼ੀਲਤਾ, ਰਚਨਾਤਮਕਤਾ ਅਤੇ ਸਮਾਜਿਕ ਜਾਗਰੂਕਤਾ ਪੈਦਾ ਕਰਨਾ ਹੈ। ਮੁਕਾਬਲੇ ਦੌਰਾਨ ਵਿਦਿਆਰਥੀਆਂ ਵੱਲੋਂ ਬਨਾਵਟੀ ਬੁੱਧੀਮਤਾ (ਏ.ਆਈ), ਬਿਜਲਈ ਵਾਹਨ (ਈ.ਵੀ), ਅੰਤਰਤਾਰਕੀ ਆਵਾਸ ਅਤੇ ਸਮੁੰਦਰਾਂ ਦੀ ਬਹਾਲੀ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਨਾਟਕ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਆਪਣੀ ਅਦਾਕਾਰੀ, ਸੰਵਾਦ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਹੀਂ ਇਨ੍ਹਾਂ ਵਿਸ਼ਿਆਂ ਦੀ ਮਹੱਤਤਾ ਨੂੰ ਦਰਸਾਉਂਦਿਆਂ ਦਰਸ਼ਕਾਂ ਨੂੰ ਵਾਤਾਵਰਨ ਸੰਭਾਲ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਦਾ ਸੰਦੇਸ਼ ਦਿੱਤਾ।
ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੱਕ ਦੇਸਰਾਜ ਦੀ ਟੀਮ ਨੇ ਪਹਿਲਾ, ਸਕੂਲ ਆਫ਼ ਐਮੀਨੈਂਸ, ਬਾਜਵਾ ਕਲਾਂ ਦੀ ਟੀਮ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਮੁਕਾਬਲੇ ਵਿੱਚ ਵਿਸ਼ੇਸ਼ ਪ੍ਰਭਾਵ ਛੱਡਿਆ। ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਸਤਪਾਲ ਸੋਢੀ ਨੇ ਦੱਸਿਆ ਕਿ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਹੁਣ ਰਾਜ ਪੱਧਰੀ ਮੁਕਾਬਲੇ ਵਿੱਚ ਜ਼ਿਲ੍ਹਾ ਜਲੰਧਰ ਦੀ ਨੁਮਾਇੰਦਗੀ ਕਰੇਗੀ।
ਇਸ ਮੌਕੇ ਪ੍ਰਿੰਸੀਪਲ ਪਰਮਿੰਦਰ ਫਲੋਰਾ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਰਾਜ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਇੰਸ ਡਰਾਮਾ ਵਰਗੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਦੇ ਗਿਆਨ ਨੂੰ ਅਮਲੀ ਜੀਵਨ ਨਾਲ ਜੋੜਨ ਦਾ ਮੌਕਾ ਦਿੰਦੀਆਂ ਹਨ ਅਤੇ ਉਨ੍ਹਾਂ ਵਿੱਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਟੀਮ ਵਰਕ, ਆਤਮ-ਵਿਸ਼ਵਾਸ ਅਤੇ ਸੰਚਾਰ ਹੁਨਰਾਂ ਦਾ ਵਿਕਾਸ ਵੀ ਕਰਦੀਆਂ ਹਨ।
ਇਸ ਮੌਕੇ ਲੈਕਚਰਾਰ ਨਰੇਸ਼ ਕੁਮਾਰ, ਰਾਜੇਸ਼ ਸ਼ਰਮਾ ਅਤੇ ਹਰਜੀਤ ਸਿੰਘ ਨੇ ਬਤੌਰ ਜੱਜ ਆਪਣੀ ਭੂਮਿਕਾ ਨਿਭਾਉਂਦਿਆਂ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਟੀਮਾਂ ਦੀਆਂ ਪੇਸ਼ਕਾਰੀਆਂ ਦਾ ਮੁਲਾਂਕਣ ਕੀਤਾ। ਮੁਕਾਬਲੇ ਦੇ ਅੰਤ ਵਿੱਚ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ, ਪ੍ਰਿੰਸੀਪਲ ਪਰਮਿੰਦਰ ਫਲੋਰਾ, ਪ੍ਰਿੰਸੀਪਲ ਸਤਪਾਲ ਸੋਢੀ ਅਤੇ ਹਰਜੀਤ ਕੁਮਾਰ ਬਾਵਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਜੇਤੂ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਜਤਿੰਦਰ ਕੌਰ ਵਲੋਂ ਮੰਚ ਸੰਚਾਲਨ ਦੀ ਭੂਮਿਕਾ ਬਖ਼ੂਬੀ ਨਿਭਾਈ ਗਈ। ਅੰਤ ਵਿੱਚ ਲੈਕਚਰਾਰ ਸੰਦੀਪ ਸਾਗਰ ਅਤੇ ਵਿਨੇ ਕੁਮਾਰ ਦਾ ਮੁਕਾਬਲੇ ਨੂੰ ਸਫਲ ਬਣਾਉਣ ਅਤੇ ਸਮੂਹ ਅਧਿਆਪਕਾਂ, ਜੱਜਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।

