ਜਲੰਧਰ, 05 ਮਈ 2026 ਮਾਣਯੋਗ ਮੁੱਖ ਮੰਤਰੀ ਪੰਜਾਬ ਦੀ ਆਉਣ ਵਾਲੀ “ਸ਼ੁਕਰਾਨਾ ਯਾਤਰਾ” ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਅਤੇ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ।
ਇਸ ਮੀਟਿੰਗ ਵਿੱਚ ਵਨੀਤ ਆਹਲਾਵਤ, ਆਈ.ਪੀ.ਐਸ., ਐਸ.ਪੀ. ( ਤਫਤੀਸ਼), ਮੁਕੇਸ਼ ਕੁਮਾਰ, ਐਸ.ਪੀ. (ਸਥਾਨਿਕ), ਮਨਜੀਤ ਕੌਰ, ਐਸ.ਪੀ. (ਪੀ.ਬੀ.ਆਈ.) ਸਮੇਤ ਸਮੂਹ ਡੀ.ਐਸ.ਪੀ., ਐਸ.ਐਚ.ਓ., ਪੁਲਿਸ ਚੌਕੀ ਇੰਚਾਰਜ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ।
ਮੀਟਿੰਗ ਦੌਰਾਨ ਸੁਰੱਖਿਆ ਯੋਜਨਾ, ਰੂਟ ਸੁਰੱਖਿਆ, ਭੀੜ ਪ੍ਰਬੰਧਨ, ਟ੍ਰੈਫਿਕ ਵਿਵਸਥਾ ਅਤੇ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਐਸ.ਐਸ.ਪੀ. ਵੱਲੋਂ ਯਾਤਰਾ ਦੌਰਾਨ ਪੁਖਤਾ ਸੁਰੱਖਿਆ ਯਕੀਨੀ ਬਣਾਉਣ ਲਈ ਸਖਤ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ 24 ਘੰਟੇ ਤਾਇਨਾਤੀ, ਰੂਟ ਦੀ ਐਂਟੀ-ਸਬੋਟਾਜ਼ ਚੈਕਿੰਗ ਅਤੇ ਪੂਰੇ ਰੂਟ ‘ਤੇ ਮਜ਼ਬੂਤ ਬੈਰੀਕੇਡਿੰਗ ਯਕੀਨੀ ਬਣਾਈ ਜਾਵੇ।
ਇਸ ਤੋਂ ਇਲਾਵਾ, ਹਾਈ-ਟੈਕ ਚੈਕ ਪੁਆਇੰਟਾਂ ਰਾਹੀਂ ਸਖਤ ਨਿਗਰਾਨੀ ਕਰਨ ਅਤੇ ਕਿਸੇ ਵੀ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ। ਦੋਪਹੀਆ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਵੀ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਟ੍ਰੈਫਿਕ ਪੁਲਿਸ ਨੂੰ ਸਮਾਗਮ ਦੌਰਾਨ ਆਵਾਜਾਈ ਸੁਚਾਰੂ ਅਤੇ ਬਿਨਾ ਰੁਕਾਵਟ ਜਾਰੀ ਰੱਖਣ ਲਈ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਕਰਨ ‘ਤੇ ਵੀ ਜ਼ੋਰ ਦਿੱਤਾ ਗਿਆ।
ਸਮੂਹ ਅਧਿਕਾਰੀਆਂ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਨਿਯਮਿਤ ਗਸ਼ਤ ਜਾਰੀ ਰੱਖਣ, ਭੀੜਭਾੜ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਵਧੀਕ ਚੌਕਸੀ ਬਰਤਣ ਅਤੇ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ।
ਐਸ.ਐਸ.ਪੀ. ਜਲੰਧਰ ਦਿਹਾਤੀ ਨੇ ਦੁਹਰਾਇਆ ਕਿ ਜਲੰਧਰ ਦਿਹਾਤੀ ਪੁਲਿਸ ਜਨਤਾ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ “ਸ਼ੁਕਰਾਨਾ ਯਾਤਰਾ” ਦੇ ਸ਼ਾਂਤੀਪੂਰਨ ਆਯੋਜਨ ਲਈ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਪ੍ਰਬੰਧ ਯਕੀਨੀ ਬਣਾਏ ਜਾਣਗੇ।

