Type Here to Get Search Results !

ਆਪ੍ਰੇਸ਼ਨ ਪ੍ਰਹਾਰ 3.0 ਦੀ ਸ਼ੁਰੂਆਤ, ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ

 


ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਲੰਧਰ ਦਿਹਾਤੀ ਪੁਲਿਸ ਵੱਲੋਂ ਅੱਜ ਆਪ੍ਰੇਸ਼ਨ ਪ੍ਰਹਾਰ 3.0 ਦੀ ਸ਼ੁਰੂਆਤ ਕੀਤੀ ਗਈ। ਇਸ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ, ਪਨਾਹ ਦੇਣ ਵਾਲਿਆਂ, ਭਗੌੜੇ ਅਪਰਾਧੀਆਂ (ਪੀ.ਓ.), ਲੋੜੀਂਦੇ ਮੁਲਜ਼ਮਾਂ, ਜ਼ਮਾਨਤ 'ਤੇ ਬਾਹਰ ਆਏ ਅਪਰਾਧੀਆਂ ਅਤੇ ਹੋਰ ਅਪਰਾਧਿਕ ਤੱਤਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨਾ ਹੈ।

ਇਸ ਆਪ੍ਰੇਸ਼ਨ ਦੀ ਅਗਵਾਈ ਸ੍ਰੀ ਨਵੀਨ ਸਿੰਗਲਾ, ਆਈ.ਪੀ.ਐੱਸ., ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ, ਜਲੰਧਰ ਰੇਂਜ ਵੱਲੋਂ ਕੀਤੀ ਗਈ। ਉਨ੍ਹਾਂ ਨੇ ਖੁਦ ਜਲੰਧਰ ਦਿਹਾਤੀ ਦਾ ਦੌਰਾ ਕਰਕੇ ਚੱਲ ਰਹੇ ਆਪ੍ਰੇਸ਼ਨ ਦਾ ਜਾਇਜ਼ਾ ਲਿਆ, ਮੈਦਾਨ ਵਿੱਚ ਤਾਇਨਾਤ ਪੁਲਿਸ ਟੀਮਾਂ ਦੀ ਨਿਗਰਾਨੀ ਕੀਤੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।


ਸ.ਹਰਵਿੰਦਰ ਸਿੰਘ ਵਿਰਕ, ਪੀ.ਪੀ.ਐੱਸ., ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇਹ ਆਪ੍ਰੇਸ਼ਨ ਪੂਰੇ ਜ਼ਿਲ੍ਹੇ ਵਿੱਚ ਤਾਲਮੇਲ ਨਾਲ ਚਲਾਇਆ ਜਾ ਰਿਹਾ ਹੈ। ਐੱਸਐੱਸਪੀ ਨੇ ਵੀ ਖੁਦ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਛਾਪੇਮਾਰੀਆਂ ਦਾ ਨਿਰੀਖਣ ਕੀਤਾ, ਪੁਲਿਸ ਟੀਮਾਂ ਨਾਲ ਗੱਲਬਾਤ ਕੀਤੀ ਅਤੇ ਆਪ੍ਰੇਸ਼ਨ ਪ੍ਰਹਾਰ 3.0 ਦੀ ਪ੍ਰਗਤੀ ਦਾ ਜਾਇਜ਼ਾ ਲਿਆ।


ਇਸ ਆਪ੍ਰੇਸ਼ਨ ਦੀ ਨਿਗਰਾਨੀ ਡਾ. ਮੁਕੇਸ਼ ਕੁਮਾਰ, ਪੁਲਿਸ ਕਪਤਾਨ (ਹੈੱਡਕੁਆਰਟਰ); ਮਨਜੀਤ ਕੌਰ, ਪੁਲਿਸ ਕਪਤਾਨ (ਪੀ.ਬੀ.ਆਈ.); ਲਖਵਿੰਦਰ ਸਿੰਘ, ਉਪ ਪੁਲਿਸ ਕਪਤਾਨ (ਤਫ਼ਤੀਸ਼); ਰਸ਼ਪਾਲ ਸਿੰਘ, ਉਪ ਪੁਲਿਸ ਕਪਤਾਨ (ਸਪੈਸ਼ਲ ਕ੍ਰਾਈਮ); ਦੀਪਕ ਸ਼ਰਮਾ, ਉਪ ਪੁਲਿਸ ਕਪਤਾਨ (ਹੋਮੀਸਾਈਡ); ਮਨਜੀਤ ਸਿੰਘ, ਉਪ ਪੁਲਿਸ ਕਪਤਾਨ (ਟ੍ਰੈਫ਼ਿਕ); ਨਰਿੰਦਰ ਸਿੰਘ ਔਜਲਾ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਕਰਤਾਰਪੁਰ; ਰਾਜੀਵ ਕੁਮਾਰ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਆਦਮਪੁਰ; ਓਂਕਾਰ ਸਿੰਘ ਬਰਾੜ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਨਕੋਦਰ; ਸਰਵਣ ਸਿੰਘ ਬੱਲ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਸ਼ਾਹਕੋਟ; ਅਤੇ ਭਾਰਤ ਮਸੀਹ ਲੱਧੜ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਲੰਧਰ ਦਿਹਾਤੀ ਪੁਲਿਸ ਦੇ ਸਮੂਹ ਰਾਜਪੱਤਰਿਤ ਅਧਿਕਾਰੀ ਆਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ, ਜਦਕਿ ਸਾਰੇ ਥਾਣਾ ਮੁਖੀ ਆਪਣੇ-ਆਪਣੇ ਇਲਾਕਿਆਂ ਵਿੱਚ ਪੁਲਿਸ ਟੀਮਾਂ ਦੀ ਅਗਵਾਈ ਕਰ ਰਹੇ ਹਨ।


ਆਪ੍ਰੇਸ਼ਨ ਪ੍ਰਹਾਰ 3.0 ਦੌਰਾਨ ਜਲੰਧਰ ਦਿਹਾਤੀ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਵਿਆਪਕ ਕਾਰਵਾਈ ਕਰਦਿਆਂ 300 ਤੋਂ ਵੱਧ ਅਪਰਾਧਿਕ ਤੱਤਾਂ ਖ਼ਿਲਾਫ਼ ਕਾਨੂੰਨੀ ਅਤੇ ਰੋਕਥਾਮੀ ਕਾਰਵਾਈ ਕੀਤੀ ਗਈ। ਆਪ੍ਰੇਸ਼ਨ ਦੌਰਾਨ ਕੁੱਲ 75 ਰੇਡਜ਼ ਕੀਤੀਆਂ ਗਈਆਂ, 34 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ, ਨਵੇਂ ਮਾਮਲਿਆਂ ਵਿੱਚ 36 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, 71 ਲੋੜੀਂਦੇ ਮੁਲਜ਼ਮ ਅਤੇ 11 ਭਗੌੜੇ ਅਪਰਾਧੀ (ਪੀ.ਓ.) ਕਾਬੂ ਕੀਤੇ ਗਏ, 65 ਰੋਕਥਾਮ ਵਾਲੀਆਂ ਕਾਰਵਾਈਆਂ ਕੀਤੀਆਂ ਗਈਆਂ, 9 ਡੋਜ਼ੀਅਰ ਅਤੇ 2 ਇੰਟੈਲੀਜੈਂਸ ਰਿਪੋਰਟਾਂ (ਆਈ.ਆਰ.) ਤਿਆਰ ਕੀਤੀਆਂ ਗਈਆਂ, 12 ਹਿਸਟਰੀਸ਼ੀਟਰਾਂ ਦੀ ਤਸਦੀਕ ਕੀਤੀ ਗਈ, 370 ਟ੍ਰੈਫ਼ਿਕ ਚਲਾਨ ਕੀਤੇ ਗਏ ਅਤੇ 51 ਵਾਹਨ ਇੰਪਾਊਂਡ ਕੀਤੇ ਗਏ। ਇਸ ਤੋਂ ਇਲਾਵਾ 347 ਗ੍ਰਾਮ ਹੈਰੋਇਨ, 182 ਨਸ਼ੀਲੀਆਂ ਗੋਲੀਆਂ, 2 ਮੋਟਰਸਾਈਕਲ ਅਤੇ 15 ਲੀਟਰ 750 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਐਨ.ਡੀ.ਪੀ.ਐੱਸ. ਐਕਟ ਤਹਿਤ 31 ਕੇਸ ਦਰਜ ਕਰਕੇ 34 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਐਕਸਾਈਜ਼ ਐਕਟ ਤਹਿਤ 3 ਕੇਸ ਦਰਜ ਕਰਕੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।


ਐੱਸਐੱਸਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ 13 ਜੁਲਾਈ, 2026 ਨੂੰ ਪੂਰੇ ਜ਼ਿਲ੍ਹੇ ਵਿੱਚ ਕੋਰਡਨ ਐਂਡ ਸਰਚ ਆਪ੍ਰੇਸ਼ਨ (CASO) ਵੀ ਚਲਾਇਆ ਗਿਆ। ਇਸ ਦੌਰਾਨ ਪੁਲਿਸ ਟੀਮਾਂ ਨੇ ਸੁੰਨਸਾਨ ਥਾਵਾਂ, ਖਾਲੀ ਇਮਾਰਤਾਂ, ਨਸ਼ਿਆਂ ਦੇ ਹਾਟਸਪਾਟ ਅਤੇ ਹੋਰ ਸ਼ੱਕੀ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ, ਲੋੜੀਂਦੇ ਮੁਲਜ਼ਮਾਂ, ਭਗੌੜੇ ਅਪਰਾਧੀਆਂ (ਪੀ.ਓ.) ਅਤੇ ਜ਼ਮਾਨਤ 'ਤੇ ਬਾਹਰ ਆਏ ਅਪਰਾਧੀਆਂ ਦੀ ਵੀ ਤਸਦੀਕ ਕੀਤੀ ਗਈ।


ਆਪ੍ਰੇਸ਼ਨ ਦੇ ਹਿੱਸੇ ਵਜੋਂ ਪੂਰੇ ਜ਼ਿਲ੍ਹੇ ਵਿੱਚ ਨਾਈਟ ਡੋਮੀਨੇਸ਼ਨ ਨੂੰ ਹੋਰ ਸਖ਼ਤ ਕੀਤਾ ਗਿਆ ਹੈ ਅਤੇ ਮਹੱਤਵਪੂਰਨ ਥਾਵਾਂ 'ਤੇ ਵਿਸ਼ੇਸ਼ ਨਾਕੇ ਲਗਾਏ ਗਏ ਹਨ। ਅਪਰਾਧਿਕ ਗਤੀਵਿਧੀਆਂ 'ਤੇ ਨਕੇਲ ਕੱਸਣ, ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਵਾਹਨਾਂ ਅਤੇ ਵਿਅਕਤੀਆਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।


ਐੱਸਐੱਸਪੀ ਨੇ ਅੱਗੇ ਦੱਸਿਆ ਕਿ ਜਲੰਧਰ ਦਿਹਾਤੀ ਵਿੱਚ 112 ਐਮਰਜੈਂਸੀ ਰਿਸਪਾਂਸ ਵਾਹਨ (ਈ.ਆਰ.ਵੀ.) ਚੌਵੀ ਘੰਟੇ ਤਾਇਨਾਤ ਹਨ, ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ 112 'ਤੇ ਕਾਲ ਕਰਨ।


ਜਲੰਧਰ ਦਿਹਾਤੀ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਐੱਸਐੱਸਪੀ ਨੇ ਭਰੋਸਾ ਦਿਵਾਇਆ ਕਿ ਗੈਂਗਸਟਰਾਂ, ਨਸ਼ਾ ਤਸਕਰੀ, ਫਿਰੌਤੀ, ਧਮਕੀਆਂ ਜਾਂ ਕਿਸੇ ਵੀ ਹੋਰ ਅਪਰਾਧਿਕ ਗਤੀਵਿਧੀ ਸਬੰਧੀ ਜਾਣਕਾਰੀ ਦੇਣ ਵਾਲੇ ਵਿਅਕਤੀਆਂ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਪੁਲਿਸ ਨੂੰ ਪ੍ਰਾਪਤ ਹਰ ਭਰੋਸੇਯੋਗ ਸੂਚਨਾ 'ਤੇ ਤੁਰੰਤ ਅਤੇ ਕਾਨੂੰਨ ਅਨੁਸਾਰ 

ਸਖ਼ਤ ਕਾਰਵਾਈ ਕੀਤੀ ਜਾਵੇਗੀ।

Post a Comment

0 Comments
* Please Don't Spam Here. All the Comments are Reviewed by Admin.

#codes