Type Here to Get Search Results !

ਪੰਜਾਬ ਸਰਕਾਰ ਵੱਲੋਂ 10 ਫਰਵਰੀ ਨੂੰ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ, ਤਿਆਰੀਆਂ ਲਈ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ

 


ਅੰਮ੍ਰਿਤਸਰ, 3 ਫਰਵਰੀ (ਸ਼ਿਵਮ ਪਾਂਡੇ) - ਪੰਜਾਬ ਸਰਕਾਰ ਵੱਲੋਂ ਸਰਕਾਰ-ਏ-ਖ਼ਾਲਸਾ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 10 ਫਰਵਰੀ ਨੂੰ ਨਰਾਇਣਗੜ੍ਹ (ਛੇਹਰਟਾ) ਅਤੇ ਅਟਾਰੀ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇਗਾ। ਇਸ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਵੱਲੋਂ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਰਾਜ ਪੱਧਰੀ ਸਮਾਗਮ ਦੀ ਸਮਾਂ ਰਹਿੰਦੇ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦੀ ਹਦਾਇਤ ਦਿੱਤੀ। 

ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ 10 ਫਰਵਰੀ ਨੂੰ ਸਭ ਤੋਂ ਪਹਿਲਾਂ ਸਵੇਰੇ 10:00 ਵਜੇ ਨਰਾਇਣਗੜ੍ਹ (ਛੇਹਰਟਾ) ਵਿਖੇ ਜੀ.ਟੀ. ਰੋਡ `ਤੇ ਸਥਾਪਿਤ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਬੁੱਤ `ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਉਪਰੰਤ 11:00 ਵਜੇ ਅਟਾਰੀ ਵਿਖੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਸਮਾਧ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਟਾਰੀ ਵਿਖੇ ਧਾਰਮਿਕ ਸਮਾਗਮ ਦੌਰਾਨ ਢਾਡੀ ਜਥੇ ਵੱਲੋਂ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਦੇ ਬਹਾਦਰੀ ਭਰੇ ਕਾਰਨਾਮਿਆਂ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਪੰਜਾਬ ਦਾ ਉਹ ਮਹਾਨ ਯੋਧਾ ਹੋਇਆ ਹੈ ਜਿਸ ਦੀ ਬਹਾਦਰੀ ਦੇ ਗੀਤ ਅੱਜ ਤੱਕ ਵੀ ਗਾਏ ਜਾਂਦੇ ਹਨ। ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 10 ਫਰਵਰੀ ਨੂੰ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਵਿੱਚ ਨਰਾਇਣਗੜ੍ਹ (ਛੇਹਰਟਾ) ਅਤੇ ਅਟਾਰੀ ਵਿਖੇ ਪਹੁੰਚਣ ਅਤੇ ਇਸ ਮਹਾਨ ਯੋਧੇ ਨੂੰ ਆਪਣੀ ਅਕੀਦਤ ਭੇਟ ਕਰਨ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰੋਹਿਤ ਗੁਪਤਾ, ਐੱਸ.ਡੀ.ਐੱਮ. -2 ਸ. ਮਨਕੰਵਲ ਸਿੰਘ ਚਾਹਲ, ਐੱਸ.ਈ. ਨਗਰ ਨਿਗਮ ਸੰਦੀਪ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਨਗਰ ਨਿਗਮ ਡਾ. ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਖੰਨਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.

#codes