ਜਲੰਧਰ, 22 ਫਰਵਰੀ 2026 — ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦੇ ਹੋਏ ਕੁੱਲ 5 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਰਵਾਈ ਦੌਰਾਨ 265 ਗ੍ਰਾਮ ਹੈਰੋਇਨ, ਇਕ .45 ਬੋਰ ਪਿਸਤੌਲ, 5 ਜ਼ਿੰਦਾ ਰੌਂਦ ਅਤੇ ਇਕ ਮੋਟਰਸਾਈਕਲ ਤੇ ਕਾਰ ਬਰਾਮਦ ਕੀਤੀ ਗਈ ਹੈ।
ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੁਲਿਸ ਕਪਤਾਨ (ਇੰਵੈਸਟਿਗੇਸ਼ਨ) ਮੁਕੇਸ਼ ਕੁਮਾਰ ਦੀ ਨਿਗਰਾਨੀ ਹੇਠ, ਡੀਐਸਪੀ ਸ਼ਾਹਕੋਟ ਸੁਖਪਾਲ ਸਿੰਘ ਅਤੇ ਥਾਣਾ ਸ਼ਾਹਕੋਟ ਦੇ ਮੁੱਖ ਅਫਸਰ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ।
19 ਫਰਵਰੀ ਨੂੰ ਮਲਸੀਆ ਨੇੜੇ APS ਨਰਸਿੰਗ ਕਾਲਜ ਸਾਹਮਣੇ ਨਾਕਾਬੰਦੀ ਦੌਰਾਨ ਯਾਮਾਹਾ R-15 ਮੋਟਰਸਾਈਕਲ ਤੇ ਆ ਰਹੇ ਤਿੰਨ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ। ਪੁਲਿਸ ਨੇ ਸੁਰਿੰਦਰਪਾਲ ਸਿੰਘ ਉਰਫ਼ ਸ਼ਿੰਦਾ ਕੋਲੋਂ .45 ਬੋਰ ਪਿਸਤੌਲ ਸਮੇਤ 5 ਰੌਂਦ ਅਤੇ 22 ਗ੍ਰਾਮ ਹੈਰੋਇਨ, ਰਵਿੰਦਰ ਉਦੈ ਕੋਲੋਂ 21 ਗ੍ਰਾਮ ਅਤੇ ਗੁਰਪ੍ਰੀਤ ਸਿੰਘ ਕੋਲੋਂ 19 ਗ੍ਰਾਮ ਹੈਰੋਇਨ ਬਰਾਮਦ ਕੀਤੀ। ਕੁੱਲ 62 ਗ੍ਰਾਮ ਹੈਰੋਇਨ ਮਿਲਣ ’ਤੇ ਆਰਮਜ਼ ਐਕਟ ਅਤੇ NDPS ਐਕਟ ਅਧੀਨ ਥਾਣਾ ਸ਼ਾਹਕੋਟ ਵਿੱਚ ਕੇਸ ਦਰਜ ਕੀਤਾ ਗਿਆ।
ਇਸ ਤੋਂ ਅਗਲੇ ਦਿਨ 20 ਫਰਵਰੀ ਨੂੰ ਇਲਾਕਾ ਗਸ਼ਤ ਦੌਰਾਨ ਥੰਮੂਵਾਲ ਨੇੜੇ ਇਕ ਚਿੱਟੀ ਸਵਿਫਟ ਡਿਜ਼ਾਇਰ ਕਾਰ ਨੂੰ ਰੋਕਿਆ ਗਿਆ। ਕਾਰ ਵਿੱਚ ਸਵਾਰ ਬਲਜੀਤ ਸਿੰਘ ਉਰਫ਼ ਬਲਜੀਤਾ ਅਤੇ ਲਵਪ੍ਰੀਤ ਸਿੰਘ ਉਰਫ਼ ਸਮਰ ਦੀ ਤਲਾਸ਼ੀ ਦੌਰਾਨ 102 ਗ੍ਰਾਮ ਅਤੇ 101 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵਾਂ ਖ਼ਿਲਾਫ਼ NDPS ਐਕਟ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ ਅਤੇ ਡੂੰਘੀ ਪੁੱਛਗਿੱਛ ਜਾਰੀ ਹੈ। ਉਮੀਦ ਹੈ ਕਿ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਦੇ ਹੋਰ ਨੈੱਟਵਰਕ ਅਤੇ ਸਪਲਾਇਰਾਂ ਬਾਰੇ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ ਕੁਝ ਦੋਸ਼ੀਆਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਮੌਜੂਦ ਹੈ।

