ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਗੈਂਗਸਟਰ ਅਰਸ਼ ਡੱਲਾ ਗੈਂਗ ਦੇ 2 ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 5 ਪਿਸਤੌਲ .32 ਬੋਰ, 05 ਜਿੰਦਾ ਕਾਰਤੂਸ, 1 ਐਕਟਿਵਾ ਅਤੇ 2 ਮੋਬਾਈਲ ਬਰਾਮਦ ਕੀਤੇ ਗਏ ਹਨ। ਇਹ ਪ੍ਰਗਟਾਵਾ ਫ਼ਤਹਿਗੜ੍ਹ ਸਾਹਿਬ ਦੇ ਐਸ.ਐਸ.ਪੀ. ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੇ ਜੇਲ੍ਹ ਵਿੱਚ ਵੀ ਸਬੰਧ ਹਨ। ਪੁਲਿਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ, ਜਿਸ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਐਸ.ਐਸ.ਪੀ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ ਅਤੇ ਬਦਮਾਸ਼ਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਰਾਕੇਸ਼ ਯਾਦਵ ਨੂੰ ਐਸ.ਪੀ., ਪੁਲਿਸ ਇਨਵੈਸਟੀਗੇਸ਼ਨ ਫਤਿਹਗੜ੍ਹ ਸਾਹਿਬ ਅਤੇ ਨਿਖਿਲ ਗਰਗ ਨੂੰ ਡੀ.ਐਸ.ਪੀ. ਇਨਵੈਸਟੀਗੇਸ਼ਨ ਫਤਹਿਗੜ੍ਹ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਮਰਬੀਰ ਸਿੰਘ ਇੰਚਾਰਜ ਸੀ.ਆਈ.ਏ. ਦੀ ਨਿਗਰਾਨੀ ਹੇਠ ਸਰਹਿੰਦ ਪੁਲਿਸ ਟੀਮ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਦੋ ਮੁਲਜ਼ਮਾਂ ਕੋਲੋਂ 5 ਦੇਸੀ ਪਿਸਤੌਲ 32 ਬੋਰ ਅਤੇ 05 ਜਿੰਦਾ ਕਾਰਤੂਸ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਸੀ.ਆਈ.ਏ. ਟੀਮ ਨੇ ਸਰਹਿੰਦ ਤੋਂ ਸਾਹਿਲ ਅਤੇ ਗੁਰਕੀਰਤ ਸਿੰਘ ਵਾਸੀ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 05 ਦੇਸੀ ਪਿਸਤੌਲ 32 ਬੋਰ ਅਤੇ 05 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਰਹਿੰਦ ਵਿਖੇ ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 12 ਮਿਤੀ 11.02.25 ਦਰਜ ਕੀਤਾ ਗਿਆ ਸੀ। ਦੋਸ਼ੀ ਗੁਰਕੀਰਤ ਸਿੰਘ ਮਲੇਸ਼ੀਆ ਵਿੱਚ ਇੱਕ ਸਾਲ ਬਿਤਾਉਣ ਤੋਂ ਬਾਅਦ ਮਈ 2024 ਵਿੱਚ ਵਾਪਸ ਆਇਆ ਸੀ। ਇਹ ਦੋਵੇਂ ਮੁਲਜ਼ਮ ਅੰਮ੍ਰਿਤਸਰ ਵਾਸੀ ਤੇਜਬੀਰ ਸਿੰਘ ਉਰਫ਼ ਸਾਬੂ, ਜੋ ਕਤਲ ਅਤੇ ਨਾਜਾਇਜ਼ ਹਥਿਆਰਾਂ ਦੇ ਕੇਸਾਂ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਹਨ, ਰਾਹੀਂ ਗੈਂਗਸਟਰ ਅਰਸ਼ ਡੱਲਾ ਲਈ ਕੰਮ ਕਰਦੇ ਸਨ।
ਮੁਲਜ਼ਮ ਸਾਹਿਲ ਅਤੇ ਤੇਜਬੀਰ ਸਿੰਘ ਅੰਮ੍ਰਿਤਸਰ ਦੇ ਮੁਹੱਲਾ ਸ਼ਰੀਫਪੁਰਾ ਦੇ ਰਹਿਣ ਵਾਲੇ ਹਨ, ਇਸ ਲਈ ਉਹ ਇੱਕ ਦੂਜੇ ਦੇ ਦੋਸਤ ਹਨ। ਤੇਜਬੀਰ ਸਿੰਘ ਉਰਫ਼ ਸਾਬੂ ਗੈਂਗਸਟਰ ਅਰਸ਼ ਡੱਲਾ ਦਾ ਸਾਥੀ ਹੈ, ਜਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਇਹ ਹਥਿਆਰ ਅੰਮ੍ਰਿਤਸਰ ਵਿੱਚ ਇੱਕ ਕਤਲ ਅਤੇ ਹੋਰ ਵੱਡੀ ਵਾਰਦਾਤਾਂ ਅਤੇ ਫਿਰੌਤੀ ਵਸੂਲਣ ਲਈ ਮੁਹੱਈਆ ਕਰਵਾਏ ਸਨ। ਉਨ੍ਹਾਂ ਨੂੰ ਸਮੇਂ ਸਿਰ ਕਾਬੂ ਕਰ ਲਿਆ ਗਿਆ ਅਤੇ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ। ਪਟਿਆਲਾ ਜੇਲ 'ਚ ਬੰਦ ਦੋਸ਼ੀ ਤੇਜਵੀਰ ਸਿੰਘ ਨੂੰ ਜੇਲ 'ਚੋਂ ਬਾਹਰ ਲਿਆ ਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਤਿੰਨੋਂ ਮੁਲਜ਼ਮ ਪੁਲਿਸ ਦੀ ਹਿਰਾਸਤ ਵਿੱਚ ਹਨ।
0 Comments